BELA COLLEGE
BELA COLLEGE
ਬੇਲਾ ਕਾਲਜ ਵਿਖੇ ਨਵੇਂ ਅਕਾਦਮਿਕ ਵਰ੍ਹੇ ਦਾ ਆਰੰਭ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ,(ਰੋਪੜ) ਵਿਖੇ ਨਵੇਂ ਅਕਾਦਮਿਕ ਵਰ੍ਹੇ 2023-2024 ਦੇ ਸੈਸ਼ਨ ਦਾ ਆਰੰਭ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਇਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਲਖ਼ਤ-ਏ-ਜਿਗਰ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਮ ਤੇ ਵਰੋਸਾਈ ਇਹ ਸੰਸਥਾ ਇਸ ਪੇਂਡੂ ਇਲਾਕੇ ਦੇ ਲਈ ਵਰਦਾਨ ਸਿੱਧ ਹੋ ਰਹੀ ਹੈ।ਇੱਥੇ ਹਰੇਕ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਗੁਰਬਾਣੀ ਦਾ ਓਟ ਆਸਰਾ ਲੈ ਕੇ ਹੀ ਹੁੰਦਾ ਹੈ।ਅੱਜ ਸਾਰੇ ਹੀ ਕੋਰਸਾਂ ਦੇ ਵਿਦਿਆਰਥੀਆਂ ਨੇ ਸਮੂਹ ਸਟਾਫ਼ ਸਮੇਤ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ ਅਤੇ ਵਾਹਿਗੁਰੂ ਅੱਗੇ ਇਸ ਵਰ੍ਹੇ ਦੇ ਸਫ਼ਲਤਾਪੂਰਵਕ ਸੰਪੰਨ ਹੋਣ ਦੀ ਅਰਦਾਸ ਕੀਤੀ।ਇਸ ਮੌਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਕਾਲਜ ਨਿਯਮਾਂ ਦਾ ਪਾਲਣ ਕਰਦਿਆਂ,ਆਪਣੇ ਚੰਗੇਰੇ ਭਵਿੱਖ ਨੂੰ ਵਿਚਾਰਦਿਆਂ, ਸਿਰਤੋੜ ਮਿਹਨਤ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਸਟਾਫ਼ ਅਤੇ ਵਿਦਿਆਰਥੀਆਂ ਦੇ ਨਾਮ ਭੇਜੇ ਆਪਣੇ ਸੰਦੇਸ਼ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਸੰਗਤ ਸਿੰਘ ਲੌਂਗੀਆ ਨੇ ਸਭ ਦੀ ਚੰਗੀ ਸਿਹਤ ਅਤੇ ਉੱਚ ਬੌਧਿਕ ਵਿਕਾਸ ਦੀ ਕਾਮਨਾ ਕੀਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਹਰੇਕ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਇਸ ਮੌਕੇ ਬੋਲਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਬੇਲਾ ਕਾਲਜ ਵਿੱਚ ਆਉਣ ਵਾਲੇ ਹਰ ਵਿਦਿਆਰਥੀ ਦਾ ਇਹ ਸੰਸਥਾ ਦਿਲੋਂ ਸਵਾਗਤ ਕਰਦੀ ਹੈ ਅਤੇ ਉਹਨਾਂ ਨੂੰ ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਹਰ ਪ੍ਰਕਾਰ ਦੀ ਸਹਾਇਤਾ ਦੇਣ ਲਈ ਸਦਾ ਹੀ ਵਚਨਬੱਧ ਹੈ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।