News & Events

Go Back

ਬੇਲਾ ਕਾਲਜ ਦੀ ਵਿਦਿਆਰਥਣ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਾਸਲ ਕੀਤਾ ਸੋਨ ਤਮਗਾ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਪੰਜਾਬ ਰਾਈਫਲ ਸ਼ੂਟਿੰਗ ਐਸ਼ੋਸੀਏਸ਼ਨ ਵੱਲੋਂ ਕਰਵਾਏ ਗਈ 57ਵੇਂ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਦੇ ਵੱਖੋ-ਵੱਖਰੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗੇ ਆਪਣੀ ਝੋਲੀ ਪਵਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੀ.ਏ. ਭਾਗ ਦੂਜਾ ਦੀ ਹੋਣਹਾਰ ਵਿਦਿਆਰਥਣ ਅਰਸ਼ਦੀਪ ਕੌਰ ਨੇ ਪਹਿਲਾਂ ਦੀ ਤਰ੍ਹਾਂ ਹੁਣ ਫੇਰ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਿਦਿਆਰਥਣ ਨੇ 25 ਮੀਟਰ ਜੂਨੀਅਰ ਸਪੋਰਟਸ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਇਸ ਵਿਿਦਆਰਥਣ ਨੇ 25 ਮੀਟਰ ਸੀਨੀਅਰ ਸਪੋਰਟਸ ਪਿਸਟਲ ਅਤੇ 10 ਮੀਟਰ ਸੀਨੀਅਰ ਏਅਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦੇ ਦੋ ਤਮਗੇ ਆਪਣੇ ਨਾਮ ਕੀਤੇ ਹਨ। ਇਸੇ ਤਰ੍ਹਾਂ ਅਰਸ਼ਦੀਪ ਕੌਰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਮੁਕਾਬਲੇ ਵਿੱਚ ਇੱਕ ਕਾਂਸੇ ਦਾ ਤਮਗਾ ਵੀ ਹਾਸਲ ਕੀਤਾ। ਡਾ. ਸ਼ਾਹੀ ਨੇ ਦੱਸਿਆ ਕਿ ਅਰਸ਼ਦੀਪ ਕੌਰ ਸ਼ੂਟਿੰਗ ਦੀ ਇੱਕ ਉਭਰਦੀ ਖਿਡਾਰਨ ਹੈ, ਇਸ ਨੇ ਪਹਿਲਾਂ ਵੀ ਖੇਲੋ ਇੰਡੀਆ, ਯੂਨੀਵਰਸਿਟੀ ਮੁਕਾਬਲਿਆਂ ਅਤੇ ਸਟੇਟ ਚੈਂਪੀਅਨਸ਼ਿਪ ਜਿਹੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਦਿਆਂ ਕਈ ਸੋਨ ਤਮਗੇ ਆਪਣੇ ਨਾਮ ਕੀਤੇ ਹਨ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਸਮੂਹ ਸਟਾਫ਼ ਵੱਲੋਂ ਕਾਲਜ ਦੇ ਵਿਹੜੇ ਜੇਤੂ ਹੋ ਕੇ ਪੁੱਜਣ ਤੇ ਅਰਸ਼ਦੀਪ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਲਾ ਕਾਲਜ ਨੂੰ ਮਾਣ ਹੈ ਕਿ ਇਹ ਖਿਡਾਰਣ ਸ਼ੂਟਿੰਗ ਦੇ ਮੋਹਰੀ ਖਿਡਾਰੀਆਂ ਵਿੱਚ ਆਪਣੀ ਜਗ੍ਹਾਂ ਹਾਸਲ ਕਰ ਰਹੀ ਹੈ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ, ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਤੇ ਸਮੂਹ ਸਟਾਫ ਹਾਜਰ ਸੀ।