Go Back

ਬੇਲਾ ਕਾਲਜ ਵਿੱਚ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਜੇਤੂਆਂ ਦਾ ਭਰਵਾਂ ਸਵਾਗਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਜੇਤੂ ਪ੍ਰਤੀਭਾਗੀਆਂ ਦਾ ਕਾਲਜ ਪ੍ਰਿੰਸੀਪਲ, ਕਾਲਜ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੈਸ਼ਨ 2022-23 ਦਾ ਇਹ ਯੁਵਕ ਅਤੇ ਲੋਕ ਮੇਲਾ ਮਾਤਾ ਗੁਜਰੀ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਿਤੀ 17 ਤੋਂ 20 ਅਕਤੂਬਰ 2022 ਤੱਕ ਚੱਲਿਆ। ਬੇਲਾ ਕਾਲਜ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਇਹ ਮੇਲਾ ਯਾਦਗਾਰੀ ਤੋਂ ਨਿਬੜਿਆ। ਗਰੁੱਪ ਆਈਟਮਾਂ ਸਕਿੱਟ, ਮਾਈਮ ਅਤੇ ਗਜ਼ਲ ਵਿੱਚ ਕਾਲਜ ਮੋਹਰੀ ਰਿਹਾ ਅਤੇ ਪਹਿਲੇ ਸਥਾਨ ਤੇ ਕਾਬਜ ਰਿਹਾ। ਇਸ ਤੋਂ ਬਿਨਾਂ ਭੰਗੜਾ ਅਤੇ ਗਿੱਧਾ ਦੀਆਂ ਗਰੁੱਪ ਆਈਟਮਾਂ ਸਮੇਤ ਰੱਸਾ ਵੱਟਣਾ, ਖਿੱਦੋ ਬਣਾਉਣੀ ਅਤੇ ਛਿੱਕੂ ਬਣਾਉਣਾ ਲੋਕ ਕਲਾਵਾਂ ਦੀਆਂ ਆਈਟਮਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਨੇ ਬਿਹਤਰ ਪ੍ਰਦਰਸ਼ਨ ਕਾਇਮ ਰੱਖਦਿਆਂ ਇਕਾਂਗੀ ਨਾਟਕ, ਮਮਿਕਰੀ, ਭੰਡ, ਝੂਮਰ ਅਤੇ ਫੋਟੋਗ੍ਰਾਫੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਉਪਰੋਕਤ ਤੋਂ ਬਿਨਾਂ ਜਨਰਲ ਕੁਇਜ਼ ਦੇ ਵਿਦਿਆਰਥੀਆਂ ਦੀ ਟੀਮ ਚੌਥੇ ਸਥਾਨ ਤੇ ਰਹੀ।

ਇਸ ਮੌਕੇ ਵਿਦਿਆਰਥੀਆਂ ਦੀਆਂ ਟੀਮਾਂ ਅਤੇ ਵਿਅਕਤੀਗਤ ਮੁਕਾਬਲਿਆਂ ਸਾਰੇ ਜੇਤੂ ਪ੍ਰਤੀਭਾਗੀ ਢੋਲ ਦੀਆਂ ਧੁਨਾਂ ਤੇ ਨੱਚਦੇ-ਗਾਉਂਦੇ ਕਾਲਜ ਵਿੱਚ ਦਾਖਲ ਹੋਏ। ਇਸ ਖੁਸ਼ੀ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਬੇਸ਼ੱਕ ਇਹਨਾਂ ਮੇਲਿਆਂ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰਨਾ ਹੀ ਬਹੁਤ ਵੱਡੀ ਗੱਲ ਹੈ ਪ੍ਰੰਤੂ ਬੇਲਾ ਕਾਲਜ ਨੂੰ ਮਾਣ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਇਸ ਦੇ ਪ੍ਰਤੀਭਾਗੀ ਵਿਦਿਆਰਥੀ ਜੇਤੂ ਹੋ ਕੇ ਮੁੜੇ ਹਨ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਅਤੇ ਵਿਅਕਤੀਗਤ ਮੁਕਾਬਲਿਆਂ ਦੇ ਜੇਤੂ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਲਈ ਅਗਲੇਰੀ ਤਿਆਰੀ ਵਿੱਚ ਜੁਟਣਗੇ। ਉਹਨਾਂ ਅੱਗੋਂ ਵੀ ਚੰਗੇ ਨਤੀਜਿਆਂ ਦੀ ਆਸ ਜਤਾਈ। ਇਸ ਮੌਕੇ ਪਹੁੰਚੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਸੰਸਥਾ ਨੂੰ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਮਾਣ ਹੈ। ਉਹਨਾਂ ਆਸ ਜਤਾਈ ਕਿ ਭਵਿੱਖ ਵਿੱਚ ਵੀ ਇਹ ਵਿਦਿਆਰਥੀ ਚੰਗਾ ਪ੍ਰਦਰਸ਼ਨ ਕਾਇਮ ਰੱਖਣਗੇ ਅਤੇ ਹਰ ਸਟੇਜ ਤੇ ਬੇਲਾ ਕਾਲਜ ਨੂੰ ਅਮਿੱਟ ਛਾਪ ਛੱਡਣ ਵਿੱਚ ਸਹਾਈ ਹੋਣਗੇ। ਉਹਨਾਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਵਾਲੇ ਅਧਿਆਪਕਾਂ ਅਤੇ ਕੋਚਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਯਾਦਗਾਰੀ ਤਸਵੀਰਾਂ ਖਿੱਚੀਆਂ ਗਈ, ਮਿਠਾਈ ਵੰਡੀ ਗਈ ਅਤੇ ਅਖੀਰ ਵਿੱਚ ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਸੰਸਥਾ ਦੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਜਿਕਰਯੋਗ ਹੈ ਕਿ ਪਹਿਲੇ ਅਤੇ ਦੂਜੇ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਹੁਣ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਲਈ ਮੁਕਾਬਲਿਆਂ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰਨਗੀਆਂ। ਇਸ ਮੌਕੇ ਯੂਥ ਫੈਸਟੀਵਲ ਕੋਆਰਡੀਨੇਟਰ ਪ੍ਰੋ. ਸੁਨੀਤਾ ਰਾਣੀ ਨੇ ਕਿਹਾ ਕਿ ਸਾਨੂੰ ਆਪਣੇ ਸਟਾਫ਼ ਅਤੇ ਵਿਦਿਆਰਥੀਆਂ ਤੇ ਬਹੁਤ ਮਾਣ ਹੈ। ਜਿਹਨਾਂ ਦੀ ਮਿਹਨਤ ਸਦਕਾ ਕਾਲਜ ਦਾ ਸਵੈਮਾਣ ਪਹਿਲੀਆਂ ਸਫਾਂ ਵਿੱਚ ਸ਼ੁਮਾਰ ਹੋਇਆ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਲੈਫਟੀਨੈਟ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਅਣਖ ਸਿੰਘ, ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ ਭਿਓਰਾ, ਸਮੂਹ ਸਟਾਫ਼, ਕੋਚ ਅਤੇ ਵਿਦਿਆਰਥੀ ਮੌਜੂਦ ਸਨ।