
ਬੇਲਾ ਕਾਲਜ ਵੱਲੋਂ ਨਵੀਂ ਸਿੱਖਿਆ ਨੀਤੀ-2020 ਤੇ ਆਨਲਾਈਨ ਕੁਇਜ਼ ਦਾ ਆਯੋਜਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗੈ੍ਰਜੂਏਟ ਕੰਪਿਊਟਰ ਸਾਇੰਸ ਅਤੇ ਮੈਨਜਮੈਂਟ ਵਿਭਾਗ ਵੱਲੋਂ ਨਵੀਂ ਸਿੱਖਿਆ ਨੀਤੀ, ਇਸ ਦੀਆਂ ਵਿਸ਼ੇਸ਼ਤਾਵਾਂ, ਪ੍ਰਭਾਵਾਂ ਅਤੇ ਦਰਪੇਸ਼ ਚੁਣੌਤੀਆਂ ਦੀ ਮੱਦੇਨਜ਼ਰ ਜਾਗਰੂਕਤਾ ਫੈਲਾਉਣ ਤੇ ਤਹਿਤ ਨੈਸ਼ਨਲ ਪੱਧਰ ਦੇ ਆਨਲਾਈਨ ਕੁਇਜ਼ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਪੂਰੇ ਦੇਸ਼ ਸਮੇਤ ਪੰਜਾਬ ਵਿੱਚ ਵੀ ਨਵੀਂ ਸਿੱਖਿਆ ਨੀਤੀ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਲਾਗੂ ਹੋ ਚੁੱਕੀ ਹੈ। ਇਸ ਲਈ ਜਿੱਥੇ ਇਸ ਦੇ ਬਾਰੇ ਪੂਰਨ ਜਾਣਕਾਰੀ ਹੋਣਾ ਜ਼ਰੂਰੀ ਹੈ ਉੱਥੇ ਹੀ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ। ਇਸ ਸਮੇਂ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਵੱਲੋਂ ਕਈ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਲਾਏ ਜਾ ਰਹੇ ਹਨ ਅਤੇ ਇਸੇ ਹੀ ਲੜੀ ਤਹਿਤ ਕਾਲਜ ਦੇ ਦੋ ਵਿਭਾਗਾਂ ਵੱਲੋਂ ਇਸ ਕੁਇਜ਼ ਦਾ ਆਯੋਜਨ ਹੋਇਆ ਹੈ। ਉਹਨਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਕੁਇਜ਼ ਵਿੱਚ ਹੋਈ ਵੱਡੀ ਭਾਗੀਦਾਰੀ ਲਈ ਵਿਭਾਗ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਬੋਲਦਿਆਂ ਕੰਪਿਊਟਰ ਵਿਭਾਗ ਦੇ ਮੁਖੀ ਸ਼੍ਰੀ ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਇਸ ਕੁਇਜ਼ ਵਿੱਚ ਦੇਸ਼ ਭਰ ਦੀਆਂ ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਦੇ ਅਧਿਆਪਨ ਅਮਲੇ ਅਤੇ ਖੋਜਾਰਥੀਆਂ ਵਿੱਚੋਂ 1000 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਉਹਨਾਂ ਕਿਹਾ ਕਿ ਇਹ ਕੁਇਜ਼ ਸਿੱਖਿਆ ਪ੍ਰਬੰਧ ਵਿੱਚ ਆਉਣ ਵਾਲੀਆਂ ਤਬਦੀਲੀਆਂ ਨਾਲ ਸੰਬੰਧਿਤ ਸਵਾਲਾਂ ਨੂੰ ਉਜਾਗਰ ਕਰਕੇ ਜਾਗਰੂਕਤਾ ਫੈਲਾਉਣ ਵਿੱਚ ਕਾਮਯਾਬ ਹੋਇਆ ਹੈ।
ਮੈਨਜਮੈਂਟ ਵਿਭਾਗ ਮੁਖੀ ਪੋ੍ਰ. ਗੁਰਲਾਲ ਸਿੰਘ ਨੇ ਇਸ ਵਿਆਪਕ ਸ਼ਮੂਲੀਅਤ ਲਈ ਸਾਰੀਆਂ ਹੀ ਸੰਸਥਾਵਾਂ ਦਾ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਵਿਅਕਤ ਕੀਤਾ। ਉਹਨਾਂ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਆਨਲਾਈਨ ਕੁਇਜ਼ ਆਪਣੀ ਮਹੱਤਤਾ ਕਾਰਨ ਅਨੇਕਾਂ ਸਿੱਖਿਅਕਾਂ ਨੂੰ ਬੇਲਾ ਕਾਲਜ ਦੇ ਜ਼ਰੀਏ ਨਵੀਂ ਸਿੱਖਿਆ ਨੀਤੀ ਨਾਲ ਜਾਣੂੰ ਕਰਵਾਉਣ ਵਿੱਚ ਕਾਰਗਾਰ ਭੂੁਮਿਕਾ ਨਿਭਾਉਣ ਵਿੱਚ ਸਫ਼ਲ ਹੋਇਆ ਹੈ।