
ਬੇਲਾ ਕਾਲਜ ਦੇ ਵਿਦਿਆਰਥੀ ਨੇ ਭਾਰਤ ਵਿੱਚ ਰੁਸ਼ਨਾਇਆ ਕਾਲਜ ਦਾ ਨਾਮ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪੜ) ਦੇ ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ “ਹੈਸ਼ਟੈਗ ਕਲਾਕਾਰ ਆਰਟਸ” ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸੰਸਥਾ ਦੀ ਝੋਲੀ ਇੱਕ ਬੇਹੱਦ ਮਾਣਮੱਤੀ ਪ੍ਰਾਪਤੀ ਪਾਈ ਹੈ।ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪਿੰ੍ਰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੂਰੇ ਭਾਰਤ ਵਿੱਚੋਂ ਕੁੱਲ 84000 ਕਲਾਕਾਰਾਂ ਨੇ ਭਾਗ ਲਿਆ,ਜਿਨ੍ਹਾਂ ਵਿੱਚੋਂ 500 ਕਲਾਕਾਰਾਂ ਨੂੰ ਫਾਈਨਲ ਮੁਕਾਬਲੇ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਲਈ ਸੱਦਾ ਦਿੱਤਾ ਗਿਆ।ਉਹਨਾਂ ਫ਼ਖਰ ਨਾਲ ਦੱਸਿਆ ਕਿ ਇਹਨਾਂ 500 ਵਿਦਿਆਰਥੀਆਂ ਵਿੱਚ ਪੂਰੇ ਦੇਸ਼ ਵਿੱਚ ਲਵਪ੍ਰੀਤ ਸਿੰਘ ਨੇ 6ਵਾਂ ਸਥਾਨ ਅਤੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਕਰਨਾਟਕ ਵਿਖੇ ਹੋਏ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਾ ਲਵਪ੍ਰੀਤ ਸਿੰਘ ਦਿਵਆਂਗ ਹੈ ਅਤੇ ਉਸਨੇ ਕਲਾਕ੍ਰਿਤੀ ਪੈਰਾਂ ਨਾਲ ਬਣਾਈ ਹੈ,ਪ੍ਰੰਤੂ ਉਸ ਦੇ ਕਲਾ ਪ੍ਰਤੀ ਸਮਰਪਣ ਅਤੇ ਮਿਹਨਤ ਨੇ ਉਸਨੂੰ ਅਤੇ ਸੰਸਥਾ ਨੂੰ ਇਸ ਮੁਕਾਬਲੇ ਦੀ ਪਹਿਲੀ ਸਫ਼ ਵਿੱਚ ਸ਼ੁਮਾਰ ਕਰ ਦਿੱਤਾ ਹੈ।ਵਿਦਿਆਰਥੀ ਦੇ ਨਾਮ ਆਪਣੇ ਸੰਦੇਸ਼ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਹ ਪ੍ਰਾਪਤੀ ਆਪਣੇ ਆਪ ਵਿੱਚ ਅਹਿਮ ਹੈ ਅਤੇ ਹੈਸ਼ਟੈਗ ਕਲਾਕਾਰ ਮੈਗਜ਼ੀਨ ਦੇ ਆਰਟ ਐਡੀਸਨ ਵਿੱਚ ਦੂਜੇ ਪੇਜ਼ ਤੇ ਇਸ ਕਲਾਕ੍ਰਿਤੀ ਦਾ ਸ਼ੁਮਾਰ ਹੋਣਾ ਇੱਕ ਬੇਹੱਦ ਪ੍ਰਸ਼ੰਸਾ ਯੋਗ ਪ੍ਰਾਪਤੀ ਹੈ। ਇਸ ਮੌਕੇ ਸਕੱਤਰ ਜਗਵਿੰਦਰ ਸਿੰਘ ਪੰਮੀ ਜੀ ਨੇ ਵੀ ਲਵਪ੍ਰੀਤ ਸਿੰਘ ਦੀ ਵਡਿਆਈ ਕੀਤੀ ਅਤੇ ਉਸਦੇ ਪੂਰੇ ਪਰਿਵਾਰ ਨੂੰ ਇਸ ਵੱਡੀ ਕਾਮਯਾਬੀ ਦੇ ਲਈ ਮੁਬਾਰਕਬਾਦ ਦਿੱਤੀ।ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਸ਼ੇਸ਼ ਤੌਰ ਤੇ ਲਵਪ੍ਰੀਤ ਸਿੰਘ ਨੂੰ ਹਰ ਸੰਭਵ ਮੱਦਦ ਲਈ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਦੀ ਯੁਵਾ ਪੀੜ੍ਹੀ ਲਈ ਲਵਪ੍ਰੀਤ ਸਿੰਘ ਜਿਹੇ ਵਿਿਦਿਆਰਥੀ ਚਾਨਣ ਮੁਨਾਰੇ ਬਣ ਸਕਦੇ ਹਨ ਕਿ ਮਿਹਨਤ ਅਤੇ ਜ਼ਜਬੇ ਨਾਲ ਹਰ ਜ਼ਮੀਨ ਅਤੇ ਹਰ ਮੁਲਕ ਨੂੰ ਜ਼ਰਖੇਜ ਕੀਤਾ ਜਾ ਸਕਦਾ ਹੈ।ਕਾਲਜ ਵੱਲੋਂ ਇਸ ਮੌਕੇ ਲਵਪ੍ਰੀਤ ਸਿੰਘ ਅਤੇ ਉਸਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਲਵਪ੍ਰੀਤ ਸਿੰਘ ਨੇ ਇਸ ਕਾਮਯਾਬੀ ਲਈ ਆਪਣੀ ਸੰਸਥਾ ਅਤੇ ਅਧਿਆਪਕਾਂ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਵਿਅਕਤ ਕੀਤਾ।ਇਸ ਮੌਕੇ ਡਾ. ਮਮਤਾ ਅਰੋੜਾ,ਸਹਾਇਕ ਪੋ੍ਫੈਸਰ ਸੁਨੀਤਾ ਰਾਣੀ, ਸਹਾਇਕ ਪੋ੍ਫੈਸਰ ਲੈਫ਼ਟੀਨੈਂਟ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ ਅਤੇ ਸਹਾਇਕ ਪ੍ਰੋਫੈਸਰ ਇਸ਼ੂ ਬਾਲਾ ਮੌਜੂਦ ਸਨ।