Go Back

ਬੇਲਾ ਕਾਲਜ ਨੇ ਯੂਨੀਵਰਸਿਟੀ ਅੰਤਰ ਕਾਲਜ ਰੋਇੰਗ ਮੁਕਾਬਲਿਆਂ ਵਿੱਚ ਜਿੱਤੀ ਚੈਂਪੀਅਨਸ਼ਿਪ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਰੋਇੰਗ ਟੀਮ ਦੇ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦੇ ਨਾਮ ਇਤਿਹਾਸਿਕ ਜਿੱਤ ਦਰਜ ਕਰਦਿਆਂ ਓਵਰਆਲ ਚੈਂਪੀਅਨਸ਼ਿਪ ਤੇ ਕਬਜ਼ਾ ਕਰਦਿਆਂ ਕਾਲਜ ਦੇ ਮਾਣ ਵਿੱਚ ਬੇਸ਼ੁਮਾਰ ਵਾਧਾ ਕੀਤਾ।ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਵੱਲੋਂ 01 ਦਸੰਬਰ 2023 ਨੂੰ ਸੁਖਨਾ ਝੀਲ ਚੰਡੀਗੜ੍ਹ ਵਿਖੇ ਕਰਵਾਏ ਗਏ।ਇਹਨਾਂ ਟੀਮਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਸਹਾਇਕ ਪੋ੍ਰਫੈਸਰ ਪ੍ਰਿਤਪਾਲ ਸਿੰਘ ਅਤੇ ਸਹਾਇਕ ਪੋ੍ਰਫੈਸਰ ਅਮਰਜੀਤ ਸਿੰਘ ਦੀ ਸੁਯੋਗ ਅਗਵਾਈ ਵਿੱਚ ਕੋਚਿੰਗ ਹਾਸਿਲ ਕਰਦਿਆਂ ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੀ ਨੁਮਾਇੰਦਗੀ ਕੀਤੀ ਹੈ।ਲੜਕੀਆਂ ਦੀ ਟੀਮ ਨੇ ਬੇਮਿਸਾਲ ਪ੍ਰਤਿਭਾ ਅਤੇ ਸਮੱਰਥਾ ਦਾ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਬੇਲਾ ਕਾਲਜ ਦੀ ਝੋਲੀ ਓਵਰਆਲ ਚੈਂਪੀਅਨਸ਼ਿਪ ਦੀ ਟਰਾਫ਼ੀ ਪਾਈ ਹੈ।ਇਹਨਾਂ ਖਿਡਾਰਨਾਂ ਵਿੱਚ ਅਮਨਦੀਪ ਕੌਰ ਨੇ ਸਿੰਗਲਜ਼ ਵਿੱਚ ਸੋਨ ਤਗਮਾ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਪੇਅਰ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਅਤੇ ਡਬਲਜ਼ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਸੋਨ ਤਗਮੇ ਜਿੱਤ ਕੇ ਆਪਣੀ ਮਿਹਨਤ ਅਤੇ ਖੇਡ ਕਲਾ ਦਾ ਲੋਹਾ ਮਨਵਾਇਆ। ਇਹਨਾਂ ਹੀ ਮੁਕਾਬਲਿਆਂ ਵਿੱਚ ਲੜਕਿਆਂ ਦੀ ਟੀਮ ਨੇ ਬਿਹਤਹੀਨ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਵਿੱਚ ਓਵਰਆਲ ਦੂਜਾ ਸਥਾਨ ਹਾਸਲ ਕੀਤਾ।ਇਹਨਾਂ ਮੁਕਾਬਲਿਆਂ ਵਿੱਚ ਪੇਅਰ ਮੁਕਾਬਲਿਆਂ ਵਿੱਚ ਗੁਰਸੇਵਕ ਸਿੰਘ ਅਤੇ ਇਕਬਾਲ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ।ਇਸ ਤੋਂ ਬਿਨਾਂ ਸਿੰਗਲ ਮੁਕਾਬਲਿਆਂ ਵਿੱਚ ਗੁਰਸੇਵਕ ਸਿੰਘ,ਇਕਬਾਲ ਸਿੰਘ, ਸਰਬਜੀਤ ਸਿੰਘ ਅਤੇ ਦਿਲਜੀਤ ਸਿੰਘ ਨੇ ਚਾਂਦੀ ਦੇ ਤਗਮੇ ਜਿੱਤੇ।ਇਹਨਾਂ ਵਿਦਿਆਰਥੀਆਂ ਦਾ ਕਾਲਜ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗੀਆ ਨੇ ਵਿਦਿਆਰਥੀਆਂ ਦੇ ਖੇਡ ਕਲਾ ਦੀ ਸਰਾਹਨਾ ਕੀਤੀ ਅਤੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ।ਇਸ ਮੌਕੇ ਸ. ਜਗਵਿੰਦਰ ਸਿੰਘ ਪੰਮੀ ਸਕੱਤਰ, ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵਧੇਰੇ ਨਿਰੰਤਰਤਾ ਅਤੇ ਸ਼ਸਕਤ ਤਰੀਕੇ ਨਾਲ ਖੇਡ ਪ੍ਰਦਰਸ਼ਨ ਜਾਰੀ ਰੱਖਣ ਦੀ ਨਸੀਹਤ ਦਿੱਤੀ।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਬੇਲਾ ਕਾਲਜ ਵਿੱਚ ਪੜ੍ਹਨ ਵਾਲੇ ਖਿਡਾਰੀ ਵਿਦਿਆਰਥੀਆਂ ਲਈ ਨਵੇਂ ਰਾਹ ਨੂੰ ਖੋਲਿਆ ਹੈ ਅਤੇ ਇਹ ਜਿੱਤ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ।ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪੋ੍ਫੈਸਰ ਸੁਨੀਤਾ ਰਾਣੀ ਅਤੇ ਸਮੂਹ ਸਟਾਫ਼ ਹਾਜ਼ਰ ਸੀ।