Go Back

ਬੇਲਾ ਕਾਲਜ ਨੂੰ ਸਰਬੱਤ ਦਾ ਭਲਾ ਟਰੱਸਟ ਵੱਲੋਂ ਮਿਲੀ ਸਹਾਇਤਾ ਰਾਸ਼ੀ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੂਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵੱਲੋਂ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਲਈ ਨਿਭਾਈ ਜਾ ਰਹੀ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿੱਤੀ ਮੱਦਦ ਪ੍ਰਦਾਨ ਕੀਤੀ ਗਈ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਟਰੱਸਟ ਵੱਲੋਂ ਸੰਸਥਾ ਦੀ ਬਿਹਤਰੀ ਅਤੇ ਵਿਕਾਸ ਲਈ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਦੋ ਆਰ.ਓ. ਸਿਸਟਮ ਦਿੱਤੇ ਗਏ ਹਨ। ੳਹਨਾਂ ਕਿਹਾ ਕਿ ਕਾਲਜ ਦੀ ਕਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ, ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀ। ਸਰਬੱਤ ਦਾ ਭਲਾ ਟਰੱਸਟ ਵੱਲੋਂ ਮੈਡਮ ਇੰਦਰਜੀਤ ਕੌਰ ਗਿੱਲ, ਡਾਇਰੈਕਟਰ ਐਜੂਕੇਸ਼ਨ, ਸ. ਜੇ.ਕੇ. ਜੱਗੀ, ਜ਼ਿਲ੍ਹਾ ਪ੍ਰਧਾਨ, ਸ. ਗੁਰਵੀਰ ਸਿੰਘ ਓਬਰਾਏ ਜਰਨਲ ਸਕੱਤਰ ਅਤੇ ਸ਼੍ਰੀ ਮਨਮੋਹਨ ਕਾਲੀਆ, ਕਾਰਜਕਾਰੀ ਮੈਂਬਰ ਨੇ ਵਿਸ਼ੇਸ਼ ਤੌਰ ਤੇ ਕਾਲਜ ਪਹੁੰਚ ਕੇ ਆਰ.ਓ. ਦਾ ਉਦਘਾਟਨ ਕੀਤਾ ਅਤੇ ਵਿੱਤੀ ਰਾਸ਼ੀ ਦਿੱਤੀ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਡਾ. ਓਬਰਾਏ ਦੀ ਸਮਾਜ ਸੇਵਾ ਖੇਤਰ ਵਿੱਚ ਦੇਣ ਨੂੰ ਸਿਜਦਾ ਕੀਤਾ ਅਤੇ ਪੇਂਡੂ ਖਿੱਤੇ ਦੀ ਸੰਸਥਾ ਪ੍ਰਤੀ ਸੰਜ਼ੀਦਾ ਹੋਣ ਲਈ ਧੰਨਵਾਦ ਵਿਅਕਤ ਕੀਤਾ।ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਡਾ. ਓਬਰਾਏ ਅਤੇ ਮੈਡਮ ਗਿੱਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੰਮੇਰੇ ਸਮੇਂ ਤੋਂ ਟਰੱਸਟ ਸੰਸਥਾ ਦੇ ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਮੁਹੱਈਆ ਕਰਵਾ ਕੇ ਵਿੱਦਿਆ ਦੇ ਪਾਸਾਰ ਲਈ ਕਾਰਜ ਕਰ ਰਹੀ ਹੈ।ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਡਾ. ਓਬਰਾਏ ਦਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਬੇਲਾ ਕਾਲਜ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਵਿਅਕਤ ਕੀਤਾ। ਜ਼ਿਕਰਯੋਗ ਹੈ ਕਿ ਸੰਸਥਾ ਅਤੇ ਟਰੱਸਟ, ਪੇਂਡੂ ਖੇਤਰ ਦੇ ਹੁਸ਼ਿਆਰ ਲੋੜਵੰਦ ਵਿਦਿਆਰਥੀਆਂ ਲਈ ਹਰ ਸੰਭਵ ਮੱਦਦ ਲਈ ਤਿਆਰ ਹੈ। ਇਸ ਮੌਕੇ ਡਾ. ਮਮਤਾ ਅਰੋੜਾ. ਪੋ੍ਰ. ਸੁਨੀਤਾ ਰਾਣੀ, ਪ੍ਰੋ. ਅਮਰਜੀਤ ਸਿੰਘ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਪ੍ਰੋ. ਰਮਨਜੀਤ ਕੌਰ, ਸ. ਅਰਸ਼ਦੀਪ ਪਾਲ ਸਿੰਘ, ਸ. ਮਨਪੀ੍ਰਤ ਸਿੰਘ ਅਤੇ ਸਮੁੱਚਾ ਸਟਾਫ਼ ਮੌਜੂਦ ਸੀ।