
ਬੇਲਾ ਕਾਲਜ ਦੇ ਨਿਊਜ਼ਲੈਟਰ ਦੀ ਰਸਮੀ ਘੁੰਡ ਚੁਕਾਈ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਛਿਮਾਹੀ ਨਿਊਜ਼ਲੈਟਰ ਦੀ ਰਸਮੀ ਤੌਰ ‘ਤੇ ਘੁੰਡ ਚੁਕਾਈ ਉੱਘੇ ਸਮਾਜ ਸੇਵੀ ਅਤੇ ਉਦਯੋਗਪਤੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਦੀ ਹਾਜ਼ਰੀ ਅਧੀਨ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਸੰਸਥਾ ਲਈ ਡਾ. ਓਬਰਾਏ ਦੀ ਆਮਦ ਅਤੇ ਨਿਊਜ਼ਲੈਟਰ ਦੀ ਘੁੰਡ ਚੁਕਾਈ ਵਿੱਚ ਉਹਨਾਂ ਦੀ ਸ਼ਿਰਕਤ ਬਹੁਤ ਹੀ ਵੱਡਾ ਮੌਕਾ ਹੈ। ਨਿਊਜ਼ਲੈਟਰ ਵਿੱਚ ਸੰਸਥਾ ਦੀਆਂ ਛਿਮਾਹੀ ਗਤੀਵਿਧੀਆਂ, ਪ੍ਰਾਪਤੀਆਂ ਅਤੇ ਉਦਯੋਗਿਕ ਸਮਝੌਤਿਆਂ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਡਾ. ਓਬਰਾਏ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਸਭ ਨੂੰ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ, ਲੋੜਵੰਦ ਦੀ ਮੱਦਦ ਕਰਦਿਆਂ ਅਤੇ ਵਿੱਦਿਆ ਦੀ ਸਾਰਥਿਕਤਾ ਨੂੰ ਸਾਕਾਰ ਕਰਦਿਆਂ ਉਸਾਰੂ ਸਮਾਜ ਦੀ ਸਿਰਜਣਾ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਡਾ. ਓਬਰਾਏ ਦਾ ਇਸ ਮੌਕੇ ਰਸਮੀ ਧੰਨਵਾਦ ਦਾ ਮਤਾ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਮੈਂਬਰ ਸ. ਗੁਰਮੇਲ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਸ. ਸੰਗਤ ਸਿੰਘ ਲੌਂਗੀਆ ਨੇ ਸਮਾਜ ਸੇਵਾ ਵਿੱਚ ਡਾ. ਓਬਰਾਏ ਦੇ ਯੋਗਦਾਨ ਨੂੰ ਸਾਲਾਹਿਆ ਅਤੇ ਕਿਹਾ ਕਿ ਬੇਲਾ ਕਾਲਜ ਵੀ ਇੱਕ ਨਿਸ਼ਕਾਮ ਸੰਸਥਾ ਵਜੋਂ ਇਲਾਕੇ ਵਿੱਚ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸਕੱਤਰ ਸ. ਪੰਮੀ ਨੇ ਬੇਲਾ ਕਾਲਜ ਦੀਆਂ ਛਿਮਾਹੀ ਪ੍ਰਾਪਤੀਆਂ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਡਾ. ਓਬਰਾਏ ਵੱਲੋਂ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਜ਼ੀਫ਼ਿਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੈਨੇਜਰ ਸ. ਵਿਸਕੀ ਵੱਲੋਂ ਡਾ. ਓਬਰਾਏ ਦੀ ਰੋਪੜ ਦੇ ਇਲਾਕੇ ਨਾਲ ਸਾਂਝ ਨੂੰ ਨਮਨ ਕੀਤਾ ਅਤੇ ਸਮੂਹ ਹਾਜ਼ਰੀਨ ਨੂੰ ਉਨ੍ਹਾਂ ਦੇ ਜੀਵਨ ਸਫ਼ਰ ਤੋਂ ਸੇਧ ਲੈਣ ਦੀ ਤਾਕੀਦ ਕੀਤੀ ਗਈ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍. ਸੁਨੀਤਾ ਰਾਣੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਮੌਜੂਦ ਸਨ।