
ਬੇਲਾ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਕਾਲਜ ਪਿੰ੍ਰਸੀਪਲ ਡਾ. ਸਤੰਵਤ ਕੌਰ ਸ਼ਾਹੀ ਨੇ ਕਾਲਜ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸਟਾਫ਼ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ।ਉਹਨਾਂ ਕਾਲਜ ਵਿੱਚ ਸ਼ਾਮਿਲ ਹੋਏ ਨਵੇਂ ਸਟਾਫ ਮੈਬਰਾਂ ਨੂੰ ਵਿਸ਼ੇਸ “ਜੀ ਆਇਆਂ” ਆਖੀ ਅਤੇ ਬੇਲਾ ਕਾਲਜ ਪਰਿਵਾਰ ਦਾ ਹਿੱਸਾ ਬਣਨ ਅਤੇ ਇਸ ਵਿਚ ਵਾਧਾ ਕਰਨ ਦੀ ਵਧਾਈ ਦਿੱਤੀ । ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਇਸ ਪਵਿੱਤਰ ਮੌਕੇ, ਖਾਸ ਤੌਰ ਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਉਹਨਾਂ ਨੇ ਸਮੂਹ ਸਟਾਫ਼ ਨੰੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਇਸ ਤਿਉਹਾਰ ਦੇ ਇਤਿਹਾਸਕ ਪੱਖ ਤੇ ਚਾਨਣਾ ਪਾਇਆ। ਇਸ ਉਪਰੰਤ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਲੋਹੜੀ ਦੀ ਵਧਾਈ ਦਿੰਦਿਆਂ ਸਮੁੱਚੇ ਸਟਾਫ਼ ਨੂੰ ਪੂਰਨ ਤਨਦੇਹੀ ਨਾਲ ਸੰਸਥਾ ਦੇ ਪਾਸਾਰ ਲਈ ਕੰਮ ਕਰਨ ਦਾ ਸੁਨੇਹਾ ਦਿੱਤਾ।ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ, ਧੀਆਂ ਦੀ ਬਰਾਬਰਤਾ ਦੀ ਮਹੱਤਤਾ ਅਤੇ ਵਿੱਦਿਅਕ ਸੰਸਥਾਵਾਂ ਦੀ ਉਸਾਰੂ ਸਮਾਜਿਕ ਬਦਲਾਅ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ਤੇ ਚਰਚਾ ਕੀਤੀ।ਅਖ਼ੀਰ ਵਿੱਚ ਫਾਰਮੇਸੀ ਕਾਲਜ ਬੇਲਾ ਦੇ ਪ੍ਰਿੰਸੀਪਲ ਡਾ. ਸ਼ੇਲੈਸ਼ ਸ਼ਰਮਾ ਨੇ ਸਭਨਾਂ ਦਾ ਧੰਨਵਾਦ ਵਿਅਕਤ ਕੀਤਾ।ਸਮੁੱਚੇ ਸਟਾਫ਼ ਨੇ ਲੋਹੜੀ ਦੀ ਧੂਣੀ ਤੇ ਮੱਥਾ ਟੇਕ ਕੇ “ਈਸ਼ਰ ਆਏ ਦਲਿੱਦਰ ਜਾਏ” ਦੀ ਕਾਮਨਾ ਕੀਤੀ।ਇਸ ਮੌਕੇ ਸ. ਗੁਰਮੇਲ ਸਿੰਘ ਮੈਂਬਰ ਪ੍ਰਬੰਧਕ ਕਮੇਟੀ, ਸ. ਮੇਹਰ ਸਿੰਘ, ਪ੍ਰਿੰਸੀਪਲ ਮਹਾਰਾਣੀ ਸਤਿੰਦਰ ਕੌਰ ਸੀ. ਸੈ. ਸਕੂਲ ਬੇਲਾ, ਸ੍ਰੀਮਤੀ ਨੀਤੂ ਸ਼ਰਮਾ ਪ੍ਰਿੰਸੀਪਲ ਕਿਡਜ਼ੀ ਸਕੂਲ ਬੇਲਾ ਅਤੇ ਸਾਰੀਆਂ ਸੰਸਥਾਵਾਂ ਦਾ ਸਟਾਫ਼ ਹਾਜ਼ਰ ਸੀ।