Go Back

ਬੇਲਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਤਕਸੀਮ ਹੋਈ 4 ਲੱਖ 65 ਹਜ਼ਾਰ ਦੀ ਵਜੀਫ਼ਾ ਰਾਸ਼ੀ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸੰਸਥਾ ਦੇ 75 ਵਿਦਿਆਰਥੀਆਂ ਨੂੰ 4 ਲੱਖ 65 ਹਜ਼ਾਰ ਦੀ ਵਜੀਫ਼ਾ ਰਾਸ਼ੀ ਵੰਡੀ ਗਈ। ਇਹ ਵਜੀਿਫ਼ੇ ਪ੍ਰਸਿੱਧ ਸਮਾਜ ਸੇਵੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਰਬੱਤ ਦਾ ਭਲਾ ਟਰੱਸਟ ਅਤੇ ਸੈਣੀ ਚੈਰੀਟੇਬਲ ਟਰੱਸਟ ਰੂਪਨਗਰ ਵੱਲੋਂ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਅਤੇ ਸੈਣੀ ਚੈਰੀਟੇਬਲ ਟਰੱਸਟ ਰੂਪਨਗਰ ਹਰ ਸਾਲ ਕਾਲਜ ਦੇ ਅਕਾਦਮਿਕ ਖੇਤਰ ਵਿੱਚ ਚੰਗੇ ਪ੍ਰੰਤੂ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਮੁਹੱਈਆ ਕਰਵਾਉਂਦੇ ਹਨ।ਇਸ ਵਰ੍ਹੇ ਵੀ ਸਰਬੱਤ ਦਾ ਭਲਾ ਟਰੱਸਟ ਵੱਲੋਂ 40 ਦੇ ਕਰੀਬ ਵਿਦਿਆਰਥੀਆਂ ਨੂੰ 3 ਲੱਖ 40 ਹਜ਼ਾਰ ਰੁਪਏ ਦੀ ਰਾਸ਼ੀ ਵੰਡੀ ਗਈ ਹੈ।ਇਹ ਰਾਸ਼ੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਸ਼੍ਰੀਮਤੀ ਇੰਦਰਜੀਤ ਕੌਰ ਗਿੱਲ, ਡਾਇਰੈਕਟਰ ਆਫ਼ ਐਜੂਕੇਸ਼ਨ ਆਫ਼ ਸਰਬੱਤ ਦਾ ਭਲਾ ਟਰੱਸਟ ਵੱਲੋਂ ਖੁਦ ਕਾਲਜ ਪੁੱਜ ਕੇ ਵਿਦਿਆਰਥੀਆਂ ਵਿੱਚ ਤਕਸੀਮ ਕੀਤੀ ਗਈ।ਸੈਣੀ ਚੈਰੀਟੇਬਲ ਟਰੱਸਟ ਰੂਪਨਗਰ ਵੱਲੋਂ 35 ਵਿਦਿਆਰਥੀਆਂ ਨੂੰ 1 ਲੱਖ 65 ਹਜ਼ਾਰ ਦੀ ਵਜੀਫ਼ਾ ਰਾਸ਼ੀ ਸੈਣੀ ਭਵਨ ਰੋਪੜ ਵਿਖੇ ਦਿੱਤੀ ਗਈ।ਇਸ ਮੌਕੇ ਬੋਲਦਿਆਂ ਸ. ਸੰਗਤ ਸਿੰਘ ਲੌਂਗੀਆ, ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਸਮੂਹ ਕਮੇਟੀ ਨੇ ਉੱਘੇ ਸਮਾਜ ਸੇਵੀ ਅਤੇ ਦਾਨੀ ਸਖ਼ਸੀਅਤ ਡਾ. ਓਬਰਾਏ ਅਤੇ ਉਹਨਾਂ ਦੀ ਨਿਗਰਾਨੀ ਅਧੀਨ ਚੱਲ ਰਹੇ ਸੇਵਾ ਕਾਰਜਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਇਸ ਵੱਡੀ ਵਜੀਫ਼ਾ ਰਾਸ਼ੀ ਲਈ ਉਹਨਾਂ ਦਾ ਧੰਨਵਾਦ ਵਿਅਕਤ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਉੱਚ ਵਿੱਦਿਆ ਹਾਸਿਲ ਕਰ ਰਹੇ ਵਿਦਿਆਰਥੀਆਂ ਦੀ ਸੈਣੀ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਜਾ ਰਹੀ ਮੱਦਦ ਦੀ ਸਲਾਘਾ ਕੀਤੀ ਅਤੇ ਉਹਨਾਂ ਦਾ ਵੀ ਧੰਨਵਾਦ ਕੀਤਾ।ਡਾ. ਸ਼ਾਹੀ ਨੇ ਦੱਸਿਆ ਕਿ ਕਾਲਜ ਪ੍ਰਬੰਧਕ ਕਮੇਟੀ ਖੁਦ ਵੀ ਲੋੜਵੰਦ ਵਿਦਿਆਰਥੀਆਂ ਨੂੰ ਫ਼ੀਸ ਵਿੱਚ 5000 ਰੁਪਏ ਤੱਕ ਦੀ ਰਿਆਇਤ, ਸਕੇ ਭੈਣ ਭਰਾਵਾਂ ਅਤੇ ਪਿਤਾਹੀਣ ਵਿਦਿਆਰਥੀਆਂ ਨੂੰ ਵੱਖੋ-ਵੱਖਰੀਆਂ ਸਕੀਮਾਂ ਅਧੀਨ ਮਾਲੀ ਮੱਦਦ ਕਰਦੀ ਰਹਿੰਦੀ ਹੈ ਪ੍ਰੰਤੂ ਡਾ. ਓਬਰਾਏ ਅਤੇ ਸੈਣੀ ਚੈਰੀਟੇਬਲ ਟਰੱਸਟ ਜਿਹੇ ਦਾਨੀ ਸੱਜਣਾਂ ਸਦਕਾ ਸਿੱਖਿਆ ਦਾ ਪ੍ਰਸਾਰ ਕਰਨ ਵਿੱਚ ਹੋਰ ਵਧੇਰੇ ਮੱਦਦ ਮਿਲਦੀ ਹੈ। ।ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪੋ੍. ਸੁਨੀਤਾ ਰਾਣੀ ਅਤੇ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਮੌਜੂਦ ਸਨ।