
ਬੇਲਾ ਕਾਲਜ ਵਿਖੇ ਵਿਦਿਆਰਥੀਆਂ ਲਈ ਅਸੀਮਿਤ ਵਜ਼ੀਫਾ ਸਹੂਲਤਾਂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਰੋਪੜ ਜ਼ਿਲੇ੍ ਦੀ ਸਿਰਕੱਢ ਵਿੱਦਿਅਕ ਸੰਸਥਾ ਹੈ। ਸੰਸਥਾ ਨੇ 50 ਸਾਲ ਪੂਰੇ ਕਰਕੇ ਗੋਲਡਨ ਜੁਬਲੀ ਵਰ੍ਹੇ ਵਿੱਚ ਪ੍ਰਵੇਸ਼ ਕਰ ਲਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸੰਸਥਾ ਦੇ ਨਵੇਂ ਅਕਾਦਮਿਕ ਸੈਸ਼ਨ 2025-26 ਵਿੱਚ ਸਾਰੀਆਂ ਕਲਾਸਾਂ ਦੇ ਦਾਖਲੇ ਆਟੋਨੋਮਸ ਕਾਲਜ ਦੇ ਤਹਿਤ ਹੋਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਸਰਕਾਰੀ ਵਜ਼ੀਫਿਆਂ ਜਿਵੇਂ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਅਤੇ ਬੀ.ਸੀ. ਆਦਿ ਤੋਂ ਬਿਨਾਂ ਅਨੇਕਾਂ ਸਮਾਜ ਸੇਵੀ ਟਰੱਸਟਾਂ ਅਤੇ ਸੰਸਥਾ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਮਿਤ ਵਜ਼ੀਫਾ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਉਹਨਾਂ ਦੱਸਿਆ ਕਿ ਪਿਛਲੇ ਅਕਾਦਮਿਕ ਵਰ੍ਹੇ ਦੌਰਾਨ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਵਾ ਤਿੰਨ ਲੱਖ ਅਤੇ ਸੈਣੀ ਚੈਰੀਟੇਬਲ ਟਰੱਸਟ ਵੱਲੋਂ ਵੀ ਸਵਾ ਲੱਖ ਰੁਪਏ ਦੀ ਵਜ਼ੀਫਾ ਰਾਸ਼ੀ ਦਿੱਤੀ ਗਈ। ਇਹ ਰਾਸ਼ੀ ਹਰ ਵਰ੍ਹੇ ਵਿਦਿਆਰਥੀਆਂ ਨੂੰ ਆਪਣੀ ਕੋਰਸ ਦੀ ਸੰਪੂਰਨਤਾ ਤੱਕ ਮਿਲਦੀ ਹੈ ਅਤੇ ਹਰ ਵਰ੍ਹੇ ਵੀ ਨਵੇਂ ਲਾਭਪਾਤਰੀ ਇਸ ਵਿੱਚ ਜੁੜਦੇ ਹਨ। ਇਸ ਦੇ ਨਾਲ ਹੀ ਨਿਸ਼ਕਾਮ ਟਰੱਸਟ ਵੱਲੋਂ ਵੀ ਵਿਦਿਆਰਥੀਆਂ ਲਈ ਵਜ਼ੀਫੇ ਦਿੱਤੇ ਜਾਂਦੇ ਹਨ। ਉਪਰੋਕਤ ਤੋਂ ਬਿਨਾਂ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਅਨੇਕਾਂ ਹੀ ਵਿਦਿਆਰਥੀਆਂ ਦੀ ਵਿੱਤੀ ਮੱਦਦ ਵੱਖੋ-ਵੱਖਰੇ ਆਧਾਰ ਤੇ ਕੀਤੀ ਜਾਂਦੀ ਹੈ। ਪ੍ਰਬੰਧਕ ਕਮੇਟੀ ਮੈਰਿਟ ਵਾਲੇ ਵਿਿਦਆਰਥੀਆਂ, ਪਿਤਾ ਵਿਹੂਣੇ ਜਾਂ ਅਨਾਥ ਵਿਿਦਆਰਥੀਆਂ, ਸਕੇ ਭੈਣ-ਭਰਾ, ਆਰਥਿਕ ਤੌਰ ਤੇ ਕਮਜ਼ੋਰ ਆਦਿ ਵਿਦਿਆਰਥੀਆਂ ਨੂੰ ਫ਼ੀਸ ਵਿੱਚ ਰਿਆਇਤ ਦੇ ਨਾਲ-ਨਾਲ- ਕਈ ਸਹੂਲਤਾਂ ਦਿੰਦੀ ਹੈ ਤਾਂ ਜੋ ਵਿਦਿਆਰਥੀ ਨਿਰਵਿਘਨਤਾ ਸਹਿਤ ਆਪਣੀ ਪੜ੍ਹਾਈ ਪੂਰੀ ਕਰ ਸਕਣ। ਇੱਥੇ ਖਾਸ ਵਰਨਣਯੋਗ ਹੈ ਕਿ ਖਿਡਾਰੀਆਂ ਨੂੰ ਸਪੋਰਟਸ ਕੋਟੇ ਤਹਿਤ ਦਾਖਲ ਹੋਣ ਤੇ 75% ਫ਼ੀਸ ਮੁਆਫ਼ੀ ਮਿਲਦੀ ਹੈ ਅਤੇ ਖਿਡਾਰੀਆਂ ਨੂੰ ਆਪਣੇ ਪ੍ਰਤਿਭਾ ਦੇ ਨਿਖਾਰ ਲਈ ਸੰਸਥਾ ਹਰ ਸੰਭਵ ਸਾਧਨ ਪ੍ਰਦਾਨ ਕਰਦੀ ਹੈ। ਡਾ. ਸ਼ਾਹੀ ਨੇ ਦੱਸਿਆ ਕਿ ਸੰਸਥਾ ਬਹੁਤ ਲੰਮੇਰੇ ਸਮੇਂ ਤੋਂ ਐਸ.ਸੀ. ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕਰ ਰਹੀ ਹੈ। ਉਪਰੋਕਤ ਤੋਂ ਬਿਨਾਂ ਘੱਟ ਗਿਣਤੀ ਵਿਦਿਆਰਥੀਆਂ ਨੂੰ ਹਰ ਸੰਭਵ ਪੋਰਟਲ ‘ਤੇ ਵਜ਼ੀਫੇ ਲਈ ਨਾਮਜ਼ਦਗੀ ਵੀ ਸੰਸਥਾ ਵੱਲੋਂ ਉਚੇਚ ਦੇ ਆਧਾਰ ਤੇ ਭਰੀ ਜਾਂਦੀ ਹੈ ਤਾਂ ਜੋ ਵਿੱਦਿਆ ਦਾ ਚਾਨਣ ਸਭ ਪਾਸੇ ਹੋ ਸਕੇ।