ਬੇਲਾ ਕਾਲਜ ਦੇ ਕੁਸ਼ਤੀ ਖਿਡਾਰੀਆਂ ਨੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਕੁਸ਼ਤੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਕਾਲਜ ਕੁਸ਼ਤੀ ਮੁਕਾਬਲੇ 2024-25 ਵਿਚ ਭਾਗ ਲਿਆ ਅਤੇ ਵੱਖ-ਵੱਖ ਭਾਰ- ਵਰਗਾਂ ਵਿੱਚ ਮੈਡਲ ਪ੍ਰਾਪਤ ਕਰਕੇ (ਫ੍ਰੀ ਸਟਾਈਲ) ਕੁਸ਼ਤੀ ਮੁਕਾਬਲਿਆਂ ਵਿੱਚ ਓਵਰਆਲ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ।ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੇ ਕੁਸ਼ਤੀ ਖਿਡਾਰੀਆਂ ਦੇ ਇਹ ਅੰਤਰ ਕਾਲਜ ਮੁਕਾਬਲੇ ਜੋ ਕਿ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਰਵਾਏ ਗਏ,ਜਿਸ ਵਿੱਚ 125 ਕਿੱਲੋ ਭਾਰ ਵਰਗ ਵਿਚ ਤਾਲਬ ਹੁਸੈਨ ਨੇ ਸੋਨੇ ਦਾ ਤਗਮਾ ਹਾਸਲ ਕੀਤਾ।86 ਕਿੱਲੋ ਵਿਚ ਸੌਰੀਆ ਪਠਾਣੀਆ ਨੇ ਚਾਂਦੀ ਦਾ ਤਗਮਾ,79 ਕਿੱਲੋ ਵਿਚ ਗਗਨਦੀਪ,70 ਕਿੱਲੋ ਵਿੱਚ ਬਲਦੇਵ ਸਿੰਘ ਅਤੇ 57 ਕਿੱਲੋ ਵਿਚ ਕਰਨਵੀਰ ਸਿੰਘ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇਸੇ ਤਰਾ 97 ਕਿੱਲੋ ਵਿਚ ਗੁਰਜੀਤ ਸਿੰਘ ਅਤੇ 74 ਕਿੱਲੋ ਵਿਚ ਜਸਕਰਨ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਗਰੀਕੋ ਰੋਮਨ ਕੁਸ਼ਤੀ ਮੁਕਾਬਲਿਆਂ ਵਿਚ ਗੁਰਨਾਮ ਸਿੰਘ 130 ਕਿਲੋ ਭਾਰ ਵਰਗ ਵਿੱਚ, ਸੈਫ ਉੱਲਾ 87 ਕਿੱਲੋ ਭਾਰ ਵਰਗ ਵਿਚ ਅਤੇ ਗਗਨਦੀਪ ਸਿੰਘ ਨੇ 77 ਕਿੱਲੋ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।ਇਸ ਵਿੱਚ ਜਿਕਰ ਯੋਗ ਹੈ ਕਿ ਕਾਲਜ ਦੀ ਕੁਸ਼ਤੀ ਟੀਮ ਲਗਾਤਾਰ 3 ਸਾਲ ਤੋਂ ੳਵਰਆਲ ਜੇਤੂ ਰਹੀ ਹੈ ਅਤੇ ਇਸ ਸਾਲ ਵੀ ੳਵਰਆਲ ਦੂਜੀ ਪੁਜੀਸ਼ਨ ਹਾਸਲ ਕਰਨ ਵਿਚ ਕਾਮਯਾਬ ਰਹੀ।125 ਕਿੱਲੋ ਭਾਰ ਵਰਗ (ਫ੍ਰੀ ਸਟਾਈਲ) ਜੋ ਕੁਸ਼ਤੀ ਦਾ ਸਭ ਤੋ ਵੱਡਾ ਭਾਰ ਵਰਗ ਹੈ ਉਸ ਵਿਚ ਕਾਲਜ ਦੇ ਖਿਡਾਰੀਆਂ ਦਾ ਪਿਛਲੇ ਚਾਰ ਸਾਲਾਂ ਤੋਂ ਕਬਜਾ ਹੈ।ਕਾਲਜ ਪਹੁੰਚਣ ਤੇ ਖਿਡਾਰੀਆਂ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗੀਆਂ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ,ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਕਾਲਜ ਪ੍ਰਿੰਸੀਪਲ ਨੇ ਸਨਮਾਨਿਤ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪੋ੍ਰ.ਪ੍ਰਿਤਪਾਲ ਸਿੰਘ ਅਤੇ ਪ੍ਰੋ. ਅਮਰਜੀਤ ਸਿੰਘ ਦੀ ਸਰਾਹਨਾ ਕੀਤੀ।ਇਸ ਮੌਕੇ ਤੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ,ਸਟਾਫ ਅਤੇ ਵਿਦਿਆਰਥੀ ਹਾਜਰ ਸਨ।