Go Back

ਬੇਲਾ ਕਾਲਜ ਦੀ ਖਿਡਾਰਨ ਨੇ ਵਰਲਡ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਤਿੰਨ ਤਮਗੇ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਦਾ ਸਿਰ ਮਾਣ ਨਾਲ ਬੇਹੱਦ ਉੱਚਾ ਹੋ ਗਿਆ ਜਦੋਂ ਇਸ ਦੀ ਪੀ.ਜੀ.ਡੀ.ਸੀ.ਏ. ਦੀ ਵਿਦਆਰਥਣ ਅਰਸ਼ਦੀਪ ਕੌਰ ਨੇ ਇੰਟਰਨੈਸ਼ਨਲ ਯੂਨੀਵਰਸਿਟੀ ਸਪੋਰਟਸ ਫੈਡਰੇਸ਼ਨ ਵੱਲੋਂ ਕਰਵਾਏ ਗਏ ਵਰਲਡ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਲੋਹਾ ਮਨਵਾਉਂਦਿਆਂ 25 ਮੀਟਰ ਪਿਸਟਲ ਟੀਮ ਵੂਮੈਨ ਵਰਗ ਵਿੱਚ ਸੋਨ ਤਮਗਾ, 10 ਮੀਟਰ ਏਅਰ ਪਿਸਟਲ ਟੀਮ (ਵੂਮੈਨ) ਵਿੱਚ ਸੋਨ ਤਮਗਾ ਅਤੇ 10 ਮੀਟਰ ਏਅਰ ਪਿਸਟਲ ਦੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਹਾਸਿਲ ਕਰਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ 40 ਮੁਲਕਾਂ ਦੇ 426 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅਰਸ਼ਦੀਪ ਕੌਰ ਨੇ ਓਲੰਪੀਅਨ ਖਿਡਾਰੀਆਂ ਨਾਲ ਸ਼ੂਟਿੰਗ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਇਹ ਮੁਕਾਬਲੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦਿੱਲੀ ਵਿਖੇ 9 ਤੋਂ 13 ਨਵੰਬਰ 2024 ਤੱਕ ਹੋਏ ਜਿਸ ਵਿੱਚ ਅਨੇਕਾਂ ਪ੍ਰਤਿਭਾਸ਼ਾਲੀ ਖਿਡਾਰੀ ਸ਼ਾਮਿਲ ਹੋਏ। ਅਰਸ਼ਦੀਪ ਕੌਰ ਨੇ ਇਸ ਮੁਕਾਬਲੇ ਵਿੱਚੋ ਤਿੰਨ ਮੈਡਲ ਜਿੱਤ ਕੇ ਸਮੁੱਚੀ ਸੰਸਥਾ, ਇਲਾਕੇ ਅਤੇ ਦੇਸ਼ ਦਾ ਸਿਰ ਉੱਚਾ ਕੀਤਾ ਹੈ।ਉਹਨਾਂ ਦੱਸਿਆ ਕਿ ਅਰਸ਼ਦੀਪ ਕੌਰ ਦਾ ਆਪਣੇ ਸ਼ਹਿਰ ਰੋਪੜ ਪੁੱਜਣ ਤੇ ਭਰਵਾਂ ਸਵਾਗਤ ਹੋਇਆ।ਜਿਸ ਵਿੱਚ ਖਿਡਾਰਨ ਨੂੰ ਪੂਰੇ ਮਾਣ-ਸਨਮਾਨ ਨਾਲ ਇੱਕ ਰੈਲੀ ਬੇਲਾ ਕਾਲਜ ਵਿਖੇ ਲੈ ਕੇ ਆਈ। ਕਾਲਜ ਦੀ ਸਮੁੱਚੀ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਵਿਦਆਰਥੀਆਂ ਨੇ ਅਰਸ਼ਦੀਪ ਕੌਰ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਬੋਲਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਅਰਸ਼ਦੀਪ ਕੌਰ ਨੂੰ ਸੰਸਥਾ ਵੱਲੋਂ ਹਰ ਕਿਸਮ ਦੀ ਮੱਦਦ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਪ੍ਰਾਪਤੀ ਉਸੇ ਕੋਸ਼ਿਸ਼ ਦੀ ਪ੍ਰੋੜਤਾ ਕਰਦੀ ਹੈ। ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਅਰਸ਼ਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਆਸ ਜਤਾਈ ਕਿ ਖੇਡ ਦੇ ਇਸ ਖੇਤਰ ਵਿੱਚ ਉਹ ਹੋਰ ਵੱਡੀਆਂ ਮੱਲਾਂ ਮਾਰੇ। ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਮਾਣ ਨਾਲ ਕਿਹਾ ਕਿ ਵਰਲਡ ਪੱਧਰ ਦੇ ਮੁਕਾਬਲੇ ਜਿੱਥੇ ਦੁਨੀਆਂ ਭਰ ਤੋਂ ਬਿਹਤਰੀਨ ਐਥਲੀਟ ਇੱਕਠੇ ਹੁੰਦੇ ਅਤੇ ਆਪਣੇ ਖੇਡ ਜ਼ਜਬੇ ਦਾ ਲੋਹਾ ਮਨਵਾਉਂਦੇ ਹਨ, ਉੱਥੇ ਅਰਸ਼ਦੀਪ ਕੌਰ ਦੀ ਭਾਗੀਦਾਰੀ ਅਤੇ ਜਿੱਤ ਵੱਡੀ ਕਾਮਯਾਬੀ ਹੈ। ਕਾਲਜ ਵੱਲੋਂ ਅਰਸ਼ਦੀਪ ਕੌਰ ਅਤੇ ਉਸ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਆਰਥੀ ਮੌਜੂਦ ਸਨ।