
ਬੇਲਾ ਕਾਲਜ ਵਿਖੇ 79ਵਾਂ ਅਜ਼ਾਦੀ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ, ਸੁਤੰਤਰਤਾ ਦਿਵਸ ਰਾਸ਼ਟਰੀ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜ਼ਾਦੀ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸਦਕਾ ਮਿਲੀ ਹੈ ਅਤੇ ਇਸ ਦੀ ਕਦਰ ਕਰਦੇ ਹੋਏ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣਾ ਹਰ ਭਾਰਤੀ ਦਾ ਫਰਜ਼ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰਾਂ ਤੇ ਦੇਸ਼ ਪੇ੍ਰਮ ਦੀ ਪੇ੍ਰਰਣਾ ਲੈਣ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਆਪਣੇ ਪੇ੍ਰਰਕ ਸੰਦੇਸ਼ ਵਿੱਚ ਕਿਹਾ, ਕਿ ਅਜ਼ਾਦੀ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇਹ ਸਾਡੇ ਇਤਿਹਾਸ ਦਾ ਜੀਵੰਤ ਅਧਿਆਇ ਹੈ, ਜਿਸ ਦੀ ਹਰ ਲਕੀਰ ਸ਼ਹੀਦਾਂ ਦੇ ਲਹੂ ਨਾਲ ਲਿਖੀ ਗਈ ਹੈ। ਸਾਡਾ ਫਰਜ਼ ਹੈ ਕਿ ਅਸੀਂ ਇਸ ਅਜ਼ਾਦੀ ਨੂੰ ਸਿਰਫ਼ ਸੰਭਾਲੀਏ ਹੀ ਨਹੀਂ, ਸਗੋਂ ਸਿੱਖਿਆ, ਇਮਾਨਦਾਰੀ ਅਤੇ ਦੇਸ਼ ਪੇ੍ਰਮ ਰਾਹੀਂ ਇਸ ਨੂੰ ਹੋਰ ਮਜ਼ਬੂਤ ਕਰੀਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ, ਕਿ ਉਹ ਸਿੱਖਿਆ ਰਾਹੀਂ ਨਾ ਕੇਵਲ ਆਪਣੇ ਪਰਿਵਾਰ, ਸਗੋਂ ਸਮੁੱਚੇ ਦੇਸ਼ ਦਾ ਨਾਮ ਰੋਸ਼ਨ ਕਰਨ। ਫਾਰਮੇਸੀ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦੀ ਤਰੱਕੀ ਦਾ ਅਸਲੀ ਅਧਾਰ ਹੈ ਅਤੇ ਕਾਲਜ ਵੱਲੋਂ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨ ਜਾਰੀ ਰਹਿਣਗੇ। ਇਸ ਮੌਕੇ ਲੈਫਟੀਨੈਂਟ ਸ. ਪ੍ਰਿਤਪਾਲ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਸ਼ੁਭ ਮੌਕੇ ਮਹਾਰਾਣੀ ਸਤਿੰਦਰ ਕੌਰ ਸਕੂਲ ਦੇ ਪ੍ਰਿੰਸੀਪਲ ਸ. ਮੇਹਰ ਸਿੰਘ, ਕਿਡਜ਼ੀ ਸਕੂਲ ਦੇ ਪ੍ਰਿੰਸੀਪਲ ਨੀਤੂ ਸ਼ਰਮਾ, ਡਾ. ਮਮਤਾ ਅਰੋੜਾ ਅਤੇ ਚਾਰੋਂ ਸੰਸਥਾਵਾਂ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਅੰਤ ਵਿੱਚ ਖੁਸ਼ੀ ਜ਼ਾਹਿਰ ਕਰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ ਅਤੇ ਸਭ ਨੇ ਆਪਸੀ ਭਾਈਚਾਰੇ ਅਤੇ ਦੇਸ਼ ਪੇ੍ਰਮ ਦਾ ਸੁਨੇਹਾ ਸਾਂਝਾ ਕੀਤਾ।