Go Back

ਬੇਲਾ ਕਾਲਜ ਦਾ ਅੰਤਰ-ਕਾਲਜ ਕੁਸ਼ਤੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਖਿਡਾਰੀਆਂ ਨੇ ਬਰਜਿੰਦਰਾ ਕਾਲਜ, ਫਰੀਦਕੋਟ ਵਿਖੇ 16 ਤੋਂ 18 ਅਕਤੂਬਰ, 2025 ਨੂੰ ਹੋਏ ਵੱਖੋ-ਵੱਖਰੇ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਆਪਣੀ ਅਮਿੱਟ ਛਾਪ ਛੱਡੀ ਹੈ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫਟੀਨੈਂਟ ਪ੍ਰਿਤਪਾਲ ਸਿੰਘ ਅਤੇ ਪੋ੍. ਅਮਰਜੀਤ ਸਿੰਘ ਦੀ ਅਗਵਾਈ ਅਧੀਨ ਖਿਡਾਰੀਆਂ ਨੇ ਫ੍ਰੀ ਸਟਾਈਲ ਅਤੇ ਗਰੀਕੋ ਰੋਮਨ (ਪੁਰਸ਼) ਮੁਕਾਬਲਿਆਂ ਵਿੱਚ ਭਾਗ ਲਿਆ। ਖਿਡਾਰੀਆਂ ਨੇ ਆਪਣੀ ਬੇਮਿਸਾਲ ਪ੍ਰਤਿਭਾ ਦਿਖਾਉਂਦਿਆਂ ਇਨ੍ਹਾਂ ਦੋਹਾਂ ਮੁਕਾਬਲਿਆਂ ਵਿੱਚ ਓਵਰਆਲ ਦੂਜੀ ਪੁਜੀਸ਼ਨ ‘ਤੇ ਆਪਣੀ ਮੋਹਰ ਲਗਾਈ। ਫ੍ਰੀ ਸਟਾਈਲ ਮੁਕਾਬਲੇ ਵਿੱਚ ਖਿਡਾਰੀ ਤਾਲਬ ਹੂਸੈਨ ਨੇ 125 ਕਿਲੋਗ੍ਰਾਮ ਵਰਗ ਵਿੱਚ ਲਗਾਤਾਰ ਪੰਜਵੀਂ ਵਾਰ ਸੋਨ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ 70 ਕਿਲੋਗ੍ਰਾਮ ਵਰਗ ਵਿੱਚ ਬਲਦੇਵ ਸਿੰਘ ਨੇ ਸੋਨ ਤਮਗਾ ਅਤੇ 92 ਕਿਲੋਗ੍ਰਾਮ ਵਰਗ ਬਰਕਤ ਅਲੀ ਨੇ ਚਾਂਦੀ ਦਾ ਤਮਗਾ ਆਪਣੀ ਝੋਲੀ ਪਵਾਇਆ। ਗਰੀਕੋ ਰੋਮਨ ਕੁਸ਼ਤੀ ਵਿੱਚ ਕਾਲਜ ਦਾ ਨਾਮ ਰੋਸ਼ਨ ਕਰਦਿਆਂ 77 ਕਿਲੋ ਵਰਗ ਵਿੱਚ ਗਗਨਦੀਪ ਸਿੰਘ ਨੇ ਸੋਨ ਤਮਗਾ ਅਤੇ 55 ਕਿਲੋ ਵਰਗ ਵਿੱਚ ਆਰਜੂ ਨੇ ਚਾਂਦੀ ਦਾ ਪਦਕ ਹਾਸਿਲ ਕੀਤਾ। ਇਸ ਤੋਂ ਬਿਨ੍ਹਾਂ ਹੋਰ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ 04 ਕਾਂਸੀ ਦੇ ਪਦਕ ਜਿੱਤ ਕੇ ਓਵਰਆਲ ਟ੍ਰਾਫੀ ਦੀ ਦੂਜੀ ਪੁਜੀਸ਼ਨ ‘ਤੇ ਕਬਜ਼ਾ ਕੀਤਾ।ਇਸ ਮੌਕੇ ਕਾਲਜ ਵਿਖੇ ਵਿਭਾਗ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਪਹੁੰਚੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਹ ਸਾਰੇ ਖਿਡਾਰੀ ਪੰਜਾਬੀ ਹਨ ਅਤੇ ਬਹੁਤੇ ਰੋਪੜ ਹਲਕੇ ਨਾਲ ਸੰਬੰਧਿਤ ਹਨ। ਉਨ੍ਹਾਂ ਲਗਾਤਾਰ125 ਕਿਲੋ ਵਰਗ ਭਾਰ ਵਿੱਚ ਪੰਜਵੀਂ ਵਾਰ ਸੋਨ ਤਮਗਾ ਜਿੱਤ ਕੇ ਪੰਜਾਬੀ ਯੁੂਨੀਵਰਸਿਟੀ, ਪਟਿਆਲਾ ਦੇ ਖੇਡ ਵਰਗ ਵਿੱਚ ਰਿਕਾਰਡ ਦਰਜ ਹੋਣ ਤੇ ਵੀ ਸਮੂਹ ਕਾਲਜ ਅਤੇ ਇਲਾਕੇ ਨੂੰ ਵਧਾਈ ਦਿੱਤੀ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਖਿਡਾਰੀਆਂ ਦੀ ਪਿੱਠ ਥਾਪੜੀ ਅਤੇ ਉਨ੍ਹਾਂ ਨੂੰ ਹੋਰ ਵਧੇਰੇ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਆ। ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਰਸਮੀ ਤੌਰ ‘ਤੇ ਖਿਡਾਰੀਆਂ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਸਮੂਹ ਸਟਾਫ ਤੇ ਵਿ ਦਿਆਰਥੀ ਹਾਜ਼ਰ ਸਨ।