
ਬੇਲਾ ਕਾਲਜ ਵਿੱਚ ਨਵੀਂ ਇਮਾਰਤ ਦਾ ਨੀਂਹ-ਪੱਥਰ, ਸ਼ਹੀਦਾ ਦੀ ਯਾਦ ਵਿੱਚ ਗਿਆਨ ਦਾ ਨਵਾਂ ਦਰਵਾਜ਼ਾ
ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ, ਇਲਾਕੇ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਨਵਾਂ ਸਫ਼ਾ ਖੋਲ੍ਹਦੇ ਹੋਏ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਮੂਲ ਮੰਤਰ ਦੇ ਜਾਪ ਉਪਰੰਤ ਅਰਦਾਸ ਕਰ ਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਵੱਲੋਂ ਰੱਖਿਆ ਗਿਆ।ਇਸ ਪਵਿੱਤਰ ਮੌਕੇ ਤੇ ਉਹਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਨਵੀਂ ਇਮਾਰਤ ਸਿਰਫ਼ ਪਾਠਸ਼ਾਲਾ ਨਹੀਂ, ਸਗੋਂ ਇਹ ਸ਼ਹੀਦਾਂ ਦੇ ਸੰਘਰਸ਼ ਅਤੇ ਪ੍ਰੇਰਣਾ ਦਾ ਪ੍ਰਤੀਕ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਦੀ ਰੋਸ਼ਨੀ ਦੇਵੇਗੀ।ਇਸ ਦੇ ਨਾਲ ਹੀ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਨਵੀਂ ਇਮਾਰਤ ਕਾਲਜ ਦੀ ਸਿੱਖਿਆ ਸੰਬੰਧੀ ਲੋੜਾਂ ਨੂੰ ਪੂਰਾ ਕਰੇਗੀ ਅਤੇ ਵਿਦਿਆਰਥੀਆਂ ਲਈ ਵਧੀਆ ਸਹੂਲਤਾਂ ਪ੍ਰਦਾਨ ਕਰੇਗੀ, ਜਿਸ ਨਾਲ ਕਾਲਜ ਦਾ ਮਿਆਰ ਹੋਰ ਉੱਚਾ ਹੋਵੇਗਾ। ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਯਕੀਨ ਦਿਵਾਇਆ ਕਿ ਕਾਲਜ ਦੀ ਤੱਰਕੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕਾਲਜ ਪ੍ਰਬੰਧਕ ਕਮੇਟੀ ਹਮੇਸ਼ਾ ਕੰਮ ਕਰਦੀ ਰਹੇਗੀ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਾਲਜ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਪਹੁੰਚੇ ਹੋਏ ਇਲਾਕੇ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਸਮਾਰੋਹ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਮੇਲ ਸਿੰਘ, ਫਾਰਮੇਸੀ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।