Go Back

ਬੇਲਾ ਕਾਲਜ ਵਿੱਚ ਛੇ ਰੋਜ਼ਾ ਆਫਲਾਈਨ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਦਾ ਆਗਾਜ਼



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਛੇ ਰੋਜ਼ਾ ਆਫਲਾਈਨ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਦਾ ਸ਼ੁਭ ਆਰੰਭ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ। ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸਾਹੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਅਧਿਆਪਕਾਂ ਨੂੰ ਆਧੁਨਿਕ ਗਿਆਨ ਨਾਲ ਜੋੜਦੇ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਪੋ੍ਰਗਰਾਮ ਅਧਿਆਪਕਾਂ ਨੂੰ ਸਿੱਖਿਆ ਖੇਤਰ ਵਿੱਚ ਨਵੇਂ ਰੁਝਾਨਾਂ ਨਾਲ ਜੋੜਨ ਦਾ ਸੁਨਹਿਰੀ ਮੌਕਾ ਦਿੰਦੇ ਹਨ। ਇਸ ਦੇ ਨਾਲ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਅਧਿਆਪਕਾਂ ਦੀ ਵਿਦਵਤਾ ਅਤੇ ਅਧਿਐਨ ਪੱਧਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮੱਦਦਗਾਰ ਹੁੰਦੇ ਹਨ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਗੁਰਲਾਲ ਸਿੰਘ (ਕੋਆਰਡੀਨੇਟਰ ਐਫ.ਡੀ.ਪੀ.) ਅਤੇ ਡਾ. ਨਿਰਪਇੰਦਰ ਕੌਰ ਨੂੰ ਵਧਾਈ ਦਿੰਦੇ ਆਖਿਆ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਅਧਿਆਪਕਾਂ ਦੇ ਸਰਵਪੱਖੀ ਵਿਕਾਸ ਵਿੱਚ ਮੱਦਦਗਾਰ ਸਾਬਤ ਹੁੰਦੇ ਹਨ। ਪਹਿਲੇ ਸੈਸ਼ਨ ਦੇ ਮੁੱਖ ਬੁਲਾਰੇ ਡਾ. ਰਿਸ਼ੀ ਰਾਜ ਸ਼ਰਮਾ (ਮੈਨੇਜਮੈਂਟ ਸਟੱਡੀਜ਼ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ) ਨੇ ਐਫ.ਡੀ.ਪੀ. ਦੀ ਮਹੱਤਤਾ ਤੇ ਰੋਸ਼ਨੀ ਪਾਉਂਦਿਆਂ ਆਖਿਆ ਕਿ ਜਦੋਂ ਵਿਰਾਸਤ ਅਤੇ ਵਿਕਾਸ ਨੂੰ ਇੱਕਠੇ ਅਪਣਾਇਆ ਜਾਂਦਾ ਹੈ ਤਾਂ ਹਰ ਕੌਮ ਆਪਣੀ ਸ਼ਾਨ ਨੂੰ ਕਾਇਮ ਰੱਖਦਿਆਂ ਰਹਿੰਦੀਆਂ ਪੁਸ਼ਤਾਂ ਤੱਕ ਤਰੱਕੀ ਕਰਦੀ ਰਹਿੰਦੀ ਹੈ। ਦੂਜੇ ਸੈਸ਼ਨ, ਬਾਅਦ ਦੁਪਹਿਰ ਦੇ ਬੁਲਾਰੇ ਸ਼੍ਰੀ ਮਨੀ ਸ਼ਰਮਾ (ਨੋਵਮ ਕੰਟਰੋਲ ਪ੍ਰਾਈਵੇਟ ਲਿਮਟਿਡ) ਨੇ ਡਿਜ਼ੀਟਲ ਮਾਰਕੀਟਿੰਗ ਵਿੱਚ ਖੋਜ ਕਰਤਾ ਅਤੇ ਅਧਿਆਪਕਾਂ ਨੂੰ ਆਨਲਾਈਨ ਕਮਾਈ ਦੇ ਸਾਧਨਾਂ ਬਾਰੇ ਕਈ ਅਹਿਮ ਨੁਕਤੇ ਸਾਂਝੇ ਕੀਤੇ, ਜਿਨ੍ਹਾਂ ਰਾਹੀਂ ਖੋਜ ਕਰਤਾ ਆਪਣੀ ਪੜ੍ਹਾਈ ਦੇ ਨਾਲ-ਨਾਲ ਕਮਾਈ ਕਰਕੇ ਆਰਥਿਕ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਬਾਹਰਲੇ ਕਾਲਜਾਂ, ਯੂਨੀਵਰਸਿਟੀਆਂ ਤੋਂ ਆਏ ਅਧਿਆਪਕ ਸਾਹਿਬਾਨ ਅਤੇ ਰਿਸਰਚ ਸਕਾਲਰ ਹਾਜ਼ਰ ਸਨ।