BELA COLLEGE
BELA COLLEGE
ਬੇਲਾ ਕਾਲਜ ਦੇ ਵਿਦਿਆਰਥੀਆਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਵਜੀਫੇ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਾਲਜ ਦੇ ਜਰੂਰਤਮੰਦ, ਪਿਤਾ ਹੀਣ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ 3 ਲੱਖ 25 ਹਜ਼ਾਰ ਰੁਪਏ ਦੀ ਵਜੀਫਾ ਰਾਸ਼ੀ ਦਾ ਚੈੱਕ ਟਰੱਸਟ ਦੇ ਡਾਇਰੈਕਟਰ ਸਿੱਖਿਆ ਸ਼੍ਰੀਮਤੀ ਇੰਦਰਜੀਤ ਕੌਰ ਗਿੱਲ ਅਤੇ ਸਲਾਹਕਾਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਨੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਸੌਂਪਿਆ। ਇਹ ਵਜੀਫਾ ਵੱੱਖੋ-ਵਖਰੇ ਵਿਭਾਗਾਂ ਦੇ ਲਗ-ਭਗ 43 ਵਿਦਿਆਰਥੀਆਂ ਵਿੱਚ ਤਕਸੀਮ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਸੰਸਥਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਿਣੀ ਹੈ ਜੋ ਕਿ ਹਰ ਸਾਲ ਸੰਸਥਾ ਦੇ ਵਿਦਿਆਰਥੀਆਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਵਿੱਚ ਵਡਮੁੱਲੀ ਭੂਮਿਕਾ ਨਿਭਾਅ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸਾਰੇ ਹੀ ਵਿਭਾਗਾਂ ਵਿੱਚ ਪਹਿਲ ਦੇ ਅਧਾਰ ਤੇ ਇਸ ਵਜੀਫੇ ਲਈ ਲੋੜਵੰਦ ਵਿਦਿਆਰਥੀਆਂ ਕੋਲੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਆਰਥਿਕ ਸਹਾਇਤਾ ਪ੍ਰਾਪਤ ਹੋ ਸਕੇ। ਉਹਨਾਂ ਕਿਹਾ ਕਿ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਓਬਰਾਏ ਨੇ ਲੋਕ ਭਲਾਈ ਵਿੱਚ ਪ੍ਰੋਫੈਸਰਸ਼ਿਪ ਦੀ ਮੁਹਾਰਤ ਹਾਸਿਲ ਕੀਤੀ ਹੈ। ਉਹਨਾਂ ਨੇ ਅਨੇਕਾਂ ਹੀ ਲੈਬਾਰਟਰੀਆਂ, ਅਣਗਿਣਤ ਸੇਵਾਵਾਂ, ਹੁਨਰ ਵਿਕਾਸ ਕੇਂਦਰ ਖੋਲਣੇ, ਲੋੜਵੰਦਾਂ ਨੂੰ ਮਦਦ, ਮੈਡੀਕਲ ਸਹੂਲਤਾਂ, ਪ੍ਰਦੇਸਾਂ ਵਿੱਚ ਸੰਕਟ ਨਾਲ ਜੂਝ ਰਹੇ ਵਿਅਕਤੀਆਂ ਨੂੰ ਸਹਾਇਤਾ ਆਦਿ ਦੇ ਨਾਲ਼-ਨਾਲ਼ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਸ.ਜਗਵਿੰਦਰ ਸਿੰਘ ਪੰਮੀ ਨੇ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ. ਸਿੰਘ ਓਬਰਾਏ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਦਾ ਸਮਾਜ ਸੇਵਾ ਵਿੱਚ ਇੱਕ ਵਿਲੱਖਣ ਸਥਾਨ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਸਮੂਹ ਸਟਾਫ ਤੇ ਵਿਦਿਆਰਥੀ ਮੌਜੂਦ ਸਨ